ਪੰਜਾਬ - ਭੂਗੋਲਿਕ ਜਾਣ ਪਹਿਚਾਣ

ਪੰਜਾਬ ਭਾਰਤ ਦੇ ਉੱਤਰ-ਪਛੱਮ ਵਿੱਚ ਸਥਿਤ ਇੱਕ ਸਰਹੱਦੀ ਸੂਬਾ ਹੈ, ਜੋ ਕਿ ਆਪਣੀ ਖੇਤੀਬਾੜੀ ਅਤੇ ਬਹਾਦੁਰ ਲੋਕਾਂ ਕਰਕੇ ਜਾਣਿਆ ਜਾਂਦਾ ਹੈ। ਇਸ ਸਫ਼ੇ ਤੇ ਅਸੀਂ ਪੰਜਾਬ ਦੇ ਭੂਗੋਲ ਬਾਰੇ ਕੁੱਝ ਜ਼ਰੂਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਇਸ ਵਿੱਚ ਪੰਜਾਬ ਦੀ ਭੂਗੋਲਿਕ ਸਥਿਤੀ, ਭੂਮੀ ਦੀ ਬਣਤਰ, ਜਲਵਾਯੂ, ਵਰਖਾ ਅਤੇ ਦਰਿਆਵਾਂ ਆਦਿ ਬਾਰੇ ਜਾਣਕਾਰੀ ਦਿੱਤੀ ਗਈ ਹੈ। ਭੂਗੋਲ ਸੰਬੰਧੀ ਇਹ ਜਰੂਰੀ ਜਾਣਕਾਰੀ ਪੰਜਾਬ ਬਾਰੇ ਤੁਹਾਡੇ ਸਧਾਰਨ ਗਿਆਨ ਵਿੱਚ ਵਾਧਾ ਕਰੇਗੀ। ਇਸ ਸਫੇ ਨੁੰ ਅੰਗਰੇਜ਼ੀ ਵਿੱਚ ਦੇਖਣ ਲਈ ਕਲਿੱਕ ਕਰੋ - Geography of Punjab. ਇਹ ਲੇਖ ਲਿਖਦੇ ਸਮੇਂ ਮੈਨੂ ਪੰਜਾਬੀ ਦੇ ਮਸ਼ਹੂਰ ਕਵੀ ਸੁਰਜੀਤ ਪਾਤਰ ਜੀ ਦੀਆਂ ਸਤਰਾਂ ਯਾਦ ਆ ਰਹੀਆਂ ਹਨ
ਇਹ ਪੰਜਾਬ ਕੋਈ ਨਿਰਾ ਜੁਗਰਾਫੀਆ ਹੀ ਨਈ
ਇਹ ਇਕ ਗੀਤ, ਇਕ ਪ੍ਰੀਤ, ਇਕ ਅਹਿਸਾਸ ਵੀ ਹੈ
ਕਿੰਨੇ ਝਖੜਾਂ ਤੂਫਾਨਾਂ 'ਚੋਂ ਲੰਗਿਆ ਏ
ਇਸ ਦਾ ਮੁਖੜਾ ਥੋੜਾ ਉਦਾਸ ਵੀ ਹੈ
ਇਕ ਦਿਨ ਸ਼ਾਨ ਇਸਦੀ ਸੂਰਜ ਵਾਂਗ ਚਮਕੇਗੀ
ਇਹ ਮੇਰੀ ਆਸ ਵੀ ਹੈ, ਅਰਦਾਸ ਵੀ ਹੈ

ਭੂਗੋਲਿਕ ਸਥਿਤੀ

  • ਪੰਜਾਬ ਇੱਕ ਛੋਟਾ ਜਿਹਾ ਸੂਬਾ ਹੈ, ਜੋ ਕਿ ਭਾਰਤ ਦੇ ਉੱਤਰ-ਪੱਛਮ ਵਿੱਚ ਸਥਿਤ ਹੈ।
  • ਇਹ ਇੱਕ ਸਰਹੱਦੀ ਸੂਬਾ ਹੈ ਅਤੇ ਇਸ ਦੇ ਪੱਛਮ ਵਾਲੇ ਪਾਸੇ ਪਾਕਿਸਤਾਨ ਨਾਲ ਅੰਤਰਰਾਸ਼ਟਰੀ ਸਰਹੱਦ ਲੱਗਦੀ ਹੈ। ਸਤਲੁਜ ਅਤੇ ਰਾਵੀ ਦਰਿਆ ਇਸ ਅੰਤਰਰਾਸ਼ਟਰੀ ਸਰਹੱਦ ਦੇ ਜਿਆਦਾਤਰ ਹਿੱਸੇ ਦੇ ਨਾਲ-ਨਾਲ ਵਗਦੇ ਹਨ।
  • ਪੰਜਾਬ ਦੀ ਸਰਹੱਦ ਚਾਰ ਸੂਬਿਆਂ ਨਾਲ ਸਾਂਝੀ ਹੈ - ਉੱਤਰ ਵੱਲ ਜੰਮੂ-ਕਸ਼ਮੀਰ, ਪੂਰਬ ਵੱਲ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵੱਲ ਹਰਿਆਣਾ ਅਤੇ ਦੱਖਣ-ਪੱਛਮ ਵਿੱਚ ਰਾਜਸਥਾਨ ਰਾਜ ਸਥਿਤ ਹੈ।
  • ਨਕਸ਼ੇ ਉੱਤੇ ਇਸ ਦਾ ਆਕਾਰ ਇਕ ਤਿਕੋਣ ਵਰਗਾ ਲਗਦਾ ਹੈ। ਇਸ ਤਿਕੋਣ ਦੇ ਉਪਰਲੇ ਬਿੰਦੂ ਤੇ ਪਠਾਨਕੋਟ ਜਿਲ੍ਹਾ ਹੈ, ਫਾਜ਼ਿਲਕਾ ਅਤੇ ਪਟਿਆਲਾ ਜਿਲ੍ਹਾ ਕ੍ਰਮਵਾਰ ਇਸ ਤਿਕੋਣ ਆਕਾਰ ਦੇ ਖੱਬੇ ਅਤੇ ਸੱਜੇ ਸਿਰੇ ਤੇ ਸਥਿਤ ਹਨ।

ਪੰਜਾਬ ਦਾ ਖੇਤਰਫਲ

  • ਪੰਜਾਬ ਦਾ ਖੇਤਰਫਲ 50,362 ਵਰਗ ਕਿਲੋਮੀਟਰ ਹੈ, ਜੋ ਕਿ ਭਾਰਤ ਦੇ ਕੁੱਲ ਖੇਤਰਫਲ ਦਾ 1.54% ਹੈ।
  • ਖੇਤਰਫਲ ਦੇ ਹਿਸਾਬ ਨਾਲ ਭਾਰਤ ਦੇ ਸਾਰੇ 29 ਰਾਜਾਂ ਦੀ ਸੂਚੀ ਵਿੱਚ ਪੰਜਾਬ 20ਵੇਂ ਨੰਬਰ ਤੇ ਆਉਂਦਾ ਹੈ।
  • ਪੰਜਾਬ ਦੇ ਕੁੱਲ ਰਕਬੇ ਦਾ ਲਗਭਗ 82% ਹਿੱਸਾ ਖੇਤੀਬਾੜੀ ਅਧੀਨ ਆਉਂਦਾ ਹੈ।
  • ਰਾਜ ਦੇ ਕੁੱਲ ਰਕਬੇ ਦਾ ਲਗਭਗ 5% ਹਿੱਸਾ ਵਣਾਂ ਨਾਲ ਢੱਕਿਆ ਹੋਇਆ ਹੈ। ਹੁਸ਼ਿਆਰਪੁਰ ਜਿਲ੍ਹੇ ਵਿੱਚ ਵਣਾਂ ਅਧੀਨ ਰਕਬਾ ਸਭ ਤੋਂ ਵਧੇਰੇ ਹੈ, ਜੋ ਕਿ ਰਾਜ ਦੇ ਕੁੱਲ ਵਣਾਂ ਅਧੀਨ ਰਕਬੇ ਦਾ ਲਗਭਗ 34% ਹੈ।
  • ਪੰਜਾਬ ਸ਼ਬਦ ਦੋ ਸ਼ਬਦਾਂ ਪੰਜ ਅਤੇ ਆਬ (ਪਾਣੀ) ਦੇ ਜੋੜ ਨਾਲ ਬਣਿਆ ਹੈ ਅਤੇ ਇਸ ਦਾ ਅਰਥ ਹੈ 'ਪੰਜ ਦਰਿਆਵਾਂ ਦੀ ਧਰਤੀ'। ਇਹ ਪੰਜ ਦਰਿਆ ਹਨ - ਸਤਲੁਜ, ਰਾਵੀ, ਬਿਆਸ, ਜੇਹਲਮ ਅਤੇ ਚਿਨਾਬ।
ਨੋਟ - ਇਹ ਪੰਨਾ ਅਜੇ ਅਧੂਰਾ ਹੈ ਅਤੇ ਅਸੀਂ ਰੋਜ਼ ਇਸ ਵਿੱਚ ਵਧੇਰੇ ਜਾਣਕਾਰੀ ਪਾ ਰਹੇ ਹਾਂ।